Sandhya Vele da hukamnam Sachkhand Shri Harimandar Sahib 29-07-2023


*ਧਨਾਸਰੀ ਮਹਲਾ ੧ ॥ ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥ ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ ਚੋਰੁ ਸੁਆਲਿਉ ਚੋਰੁ ਸਿਆਣਾ ॥ ਖੋਟੇ ਕਾ ਮੁਲੁ ਏਕੁ ਦੁਗਾਣਾ ॥ ਜੇ ਸਾਥਿ ਰਖੀਐ ਦੀਜੈ ਰਲਾਇ ॥ ਜਾ ਪਰਖੀਐ ਖੋਟਾ ਹੋਇ ਜਾਇ ॥੨॥ ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥ ਜੇ ਵਡਿਆਈਆ ਆਪੇ ਖਾਇ ॥ ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥ ਜੇ ਸਉ ਕੂੜੀਆ ਕੂੜੁ ਕਬਾੜੁ ॥ ਭਾਵੈ ਸਭੁ ਆਖਉ ਸੰਸਾਰੁ ॥ ਤੁਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥*

*☬ ਪੰਜਾਬੀ ਵਿੱਚ ਵਿਆਖਿਆ :- ☬*

*ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ), ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ। ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ। ਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ ॥੧॥ ਹੇ ਅੰਨ੍ਹੇ ਲਾਲਚੀ ਤੇ ਝੂਠੇ ਮਨ! (ਧਿਆਨ ਨਾਲ) ਸੁਣ। ਸੱਚਾ ਮਨੁੱਖ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ ॥੧॥ ਰਹਾਉ ॥ ਚੋਰ ਪਿਆ ਸੋਹਣਾ ਬਣੇ ਚਤੁਰ ਬਣੇ, (ਪਰ ਆਖ਼ਰ ਉਹ ਚੋਰ ਹੀ ਹੈ ਉਸ ਦੀ ਕਦਰ ਕੀਮਤ ਨਹੀਂ ਪੈਂਦੀ, ਜਿਵੇਂ) ਖੋਟੇ ਰੁਪਏ ਦਾ ਮੁੱਲ ਦੋ ਗੰਢੇ ਕੌਡਾਂ ਹੀ ਹੈ। ਜੇ ਖੋਟੇ ਰੁਪਏ ਨੂੰ (ਖਰਿਆਂ ਵਿਚ) ਰੱਖ ਦੇਈਏ, (ਖਰਿਆਂ ਵਿਚ) ਰਲਾ ਦੇਈਏ, ਤਾਂ ਭੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਉਹ ਖੋਟਾ ਹੀ ਕਿਹਾ ਜਾਂਦਾ ਹੈ ॥੨॥ ਮਨੁੱਖ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਂਦਾ ਹੈ। ਹਰ ਕੋਈ ਆਪ (ਕਰਮਾਂ ਦੇ ਬੀਜ) ਬੀਜ ਕੇ ਆਪ ਹੀ ਫਲ ਖਾਂਦਾ ਹੈ। ਜੇ ਕੋਈ ਮਨੁੱਖ (ਹੋਵੇ ਤਾਂ ਖੋਟਾ, ਪਰ) ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ, (ਉਸ ਦਾ ਇਤਬਾਰ ਨਹੀਂ ਬਣ ਸਕਦਾ, ਕਿਉਂਕਿ) ਮਨੁੱਖ ਦੀ ਜਿਹੋ ਜਿਹੀ ਮਨੋ-ਵਾਸਨਾ ਹੈ ਉਹੋ ਜਿਹੇ ਰਸਤੇ ਉਤੇ ਹੀ ਉਹ ਤੁਰਦਾ ਹੈ ॥੩॥ (ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ) ਝੂਠੀਆਂ ਗੱਪਾਂ ਅਤੇ ਝੂਠ ਕਬਾੜ ਦੀਆਂ ਗੱਲਾਂ - ਭਾਵੇਂ ਸਾਰੇ ਸੰਸਾਰ ਨੂੰ ਆਖੀਆਂ ਜਾਣ (ਪਰ, ਹੇ ਪ੍ਰਭੂ! ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ)। (ਹੇ ਪ੍ਰਭੂ! ਜੇ ਦਿਲ ਦਾ ਖਰਾ ਹੋਵੇ ਤਾਂ) ਇਕ ਸਿੱਧੜ ਮਨੁੱਖ ਭੀ ਤੈਨੂੰ ਪਸੰਦ ਆ ਜਾਂਦਾ ਹੈ, ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ। ਹੇ ਨਾਨਕ ਜੀ! ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ (ਸਭ ਕੁਝ) ਜਾਣਦਾ ਹੈ ॥੪॥੪॥੬॥*



Comments

Popular posts from this blog

SANDHYA VELE DA HUKAMNAMA SRI DARBAR SAHIB, SRI AMRITSAR SAHIB, 21/07/2023,

AMRITVELE DA HUKAMNAMA SRI DARBAR SAHIB, SRI AMRITSAR, ANG 719/720, 05-Jun-2023

Amrit vele da Hukamnama Sri Darbar Sahib, Sri Amritsar, Ang 613, 17-JULY-2023