Ajj Amritvele da hukamnama Sachkhand Shri Darbar Sahib Amritsar 08-08-2023

 ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ 

ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥ ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥ ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ ॥ ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥ ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥ ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥ ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥ ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥ ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥ ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥ ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥ ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥  


ਕੈ ਘਰਿ= ਦੇ ਘਰ ਵਿਚ। ਯਾਨੜੀਏ ਕੈ ਘਰਿ = ਉਸ ਸ਼ਬਦ ਦੇ 'ਘਰ' ਵਿਚ ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ'। ਮੈ ਮਨਿ = ਮੇਰੇ ਮਨ ਵਿਚ। ਟੇਕ = ਆਸਰਾ। ਅਵਰ = ਹੋਰ। ਸਿਆਣਪਾ = ਚਤੁਰਾਈਆਂ। ਬਿਰਥੀਆ = ਵਿਅਰਥ। ਰਾਖਨ ਕਉ = ਰੱਖਿਆ ਕਰਨ ਜੋਗਾ। ਤੁਮ ਏਕ = ਸਿਰਫ਼ ਤੂੰ ਹੀ ॥੧॥ ਸੋ ਜਨੁ ਉਹ ਬੰਦਾ। ਨਿਹਾਲਾ = ਆਨੰਦ-ਭਰਪੂਰ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਹੋਇ = ਹੁੰਦਾ ਹੈ (ਪ੍ਰਭੂ)। ਸਫਲ ਮੂਰਤਿ = ਉਹ ਜਿਸ ਦੀ ਹਸਤੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰ ਸਕਦੀ ਹੈ। ਕਲਾ = ਸੱਤਿਆ, ਤਾਕਤ। ਹਜੂਰੇ = ਅੰਗ-ਸੰਗ ॥੧॥


ਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ 'ਯਾਨੜੀਏ' ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ')।


ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ। ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ॥ ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ। ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥ ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ। ਹੇ ਪ੍ਰਭੂ! ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤਿ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ)ਸੇਵਾ ਦੀ ਕਾਰ ਕਰ ਸਕਦਾ ਹਾਂ। ਹੇ ਮਾਲਕ-ਪ੍ਰਭੂ! ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ। (ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ। ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ। ਪਰ, ਹੇ ਨਾਨਕ! ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।੩।

ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ। ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ।

ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ।੪।੧।


Comments

Popular posts from this blog

SANDHYA VELE DA HUKAMNAMA SRI DARBAR SAHIB, SRI AMRITSAR SAHIB, 21/07/2023,

AMRITVELE DA HUKAMNAMA SRI DARBAR SAHIB, SRI AMRITSAR, ANG 719/720, 05-Jun-2023

Amrit vele da Hukamnama Sri Darbar Sahib, Sri Amritsar, Ang 613, 17-JULY-2023