Amritvele Da Hukamnama Sachkhand Shri Darbar Sahib Amritsar 16-08-2023

 ਸੂਹੀ ਮਹਲਾ ੧ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥ ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥ ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥ ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥ ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥  {ਪੰਨਾ 766}

ਪਦਅਰਥ: ਰਾਤਾ = {रत्रत्र्} ਰੰਗਿਆ ਹੋਇਆ। ਰਵੈ = ਚੇਤੇ ਕਰਦਾ ਹੈ, ਸਿਮਰਦਾ ਹੈ। ਮਨਿ = ਮਨ ਵਿਚ। ਸੋਈ = ਉਹੀ, ਉਹ ਪ੍ਰਭੂ ਹੀ। ਪਉੜੀ ਸਾਚ ਕੀ = ਸਦਾ-ਥਿਰ ਪ੍ਰਭੂ ਤਕ ਅਪੜਾਣ ਵਾਲੀ ਪੌੜੀ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੁਖੁ = ਆਤਮਕ ਆਨੰਦ। ਸੁਖਿ = ਆਤਮਕ ਆਨੰਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਆਵੈ = ਆਉਂਦਾ ਹੈ, ਪਹੁੰਚਦਾ ਹੈ। ਸਾਚ ਭਾਵੈ = ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ {ਨੋਟ:ਕਈ ਬੀੜਾਂ ਵਿਚ ਪਾਠ "ਸਾਚੁ" ਹੈ। ਇਸ ਤਰ੍ਹਾਂ ਅਰਥ ਬਣਦਾ ਹੈ:ਉਸ ਬੰਦੇ ਨੂੰ ਸਦਾ-ਥਿਰ ਪ੍ਰਭੂ ਪਿਆਰਾ ਲੱਗਦਾ ਹੈ। ਪਰ ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਪਾਠ "ਸਾਚ" ਹੈ}। ਸਾਚ ਕੀ ਮਤਿ = ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਮਤਿ। ਕਿਉ ਟਲੈ = ਨਹੀਂ ਹਟਦੀ, ਅਟੱਲ ਹੋ ਜਾਂਦੀ ਹੈ। ਸੁਗਿਆਨੁ = ਚੰਗਾ ਗਿਆਨ, ਗਿਆਨ ਦੀਆਂ ਗੱਲਾਂ ਕਰ ਸਕਣ ਦੀ ਚੰਗੀ ਸਮਰੱਥਾ। ਮਜਨੁ = ਤੀਰਥ = ਇਸ਼ਨਾਨ {मज्जन}। ਅਛਲਿਓ = ਜੇਹੜਾ ਠੱਗਿਆ ਨਾਹ ਜਾ ਸਕੇ। ਕਿਉ ਛਲੈ = ਠੱਗ ਨਹੀਂ ਸਕਦਾ, ਖ਼ੁਸ਼ ਨਹੀਂ ਕਰ ਸਕਦਾ। ਪਰਪੰਚ = ਧੋਖੇ। ਥਾਕੇ = ਰਹਿ ਜਾਂਦੇ ਹਨ, ਮੁੱਕ ਜਾਂਦੇ ਹਨ। ਦੋਈ = ਦ੍ਵੈਤ, ਮੇਰ = ਤੇਰ। ਕਪਟੁ = ਠੱਗੀ।੧।

ਅਰਥ: (ਪਰਮਾਤਮਾ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪਰਮਾਤਮਾ ਦੇ) ਗੁਣ ਚੇਤੇ ਕਰਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ। ਪਰਮਾਤਮਾ ਦੇ ਗੁਣ ਗਾਵਣੇ, ਮਾਨੋ, ਇਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤਕ ਪਹੁੰਚ ਸਕੀਦਾ ਹੈ, (ਇਸ ਪੌੜੀ ਤੇ ਚੜ੍ਹਨ ਦੀ ਬਰਕਤਿ ਨਾਲ ਮੇਰੇ ਅੰਦਰ) ਸਦਾ-ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ।

ਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤਿ ਅਟੱਲ ਹੋ ਜਾਂਦੀ ਹੈ। ਪਰਮਾਤਮਾ ਅਟੱਲ ਹੈ। (ਜੇ ਗੁਣ ਗਾਵਣ ਵਾਲੀ ਮਤਿ ਨਹੀਂ ਬਣੀ, ਤਾਂ) ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਪਰਮਾਤਮਾ ਨੂੰ ਖ਼ੁਸ਼ ਨਹੀਂ ਕਰ ਸਕਦਾ। (ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿਚੋਂ) ਧੋਖੇ-ਫ਼ਰੇਬ, ਮੋਹ ਦੇ ਚਮਤ-ਕਾਰੇ, ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ। ਉਸ ਦੇ ਅੰਦਰ ਨਾਹ ਝੂਠ ਰਹਿ ਜਾਂਦਾ ਹੈ, ਨਾਹ ਠੱਗੀ ਰਹਿੰਦੀ ਹੈ, ਨਾਹ ਮੇਰ-ਤੇਰ ਰਹਿੰਦੀ ਹੈ।

(ਪ੍ਰਭੂ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪ੍ਰਭੂ ਦੇ) ਗੁਣ ਗਾਂਵਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ।੧।

ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥ ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥ ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥ ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥ ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥  {ਪੰਨਾ 766}

ਪਦਅਰਥ: ਜਿਨਿ = ਜਿਸ (ਸਾਹਿਬ) ਨੇ। ਕਾਰਣੁ = ਜਗਤ। ਮਨਿ ਮੈਲਿਐ = ਜੇ ਮਨ ਮੈਲਾ ਰਹੇ, ਜੇ ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਰਹੇ। ਕਿਨੈ = ਕਿਸੇ ਵਿਰਲੇ ਨੇ, ਕਿਸੇ ਨੇ ਨਹੀਂ। ਮਥਿ = ਰਿੜਕ ਕੇ, ਮੁੜ ਮੁੜ ਜਪ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਰਸ। ਮਨੁ ਦੀਆ = ਮਨ (ਗੁਰੂ ਨੂੰ) ਦੇ ਦਿੱਤਾ। ਮੋਲੁ = ਮੁੱਲ, ਕੀਮਤ। ਸਹਜਿ = ਆਤਮਕ ਅਡੋਲਤਾ ਵਿਚ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਤਿਸੁ ਨਾਲਿ = ਉਸ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ। ਗਾਵਾ = ਮੈਂ ਗਾ ਸਕਦਾ ਹਾਂ। ਤਿਸੁ ਭਾਵਾ = ਉਸ ਪ੍ਰਭੂ ਨੂੰ ਚੰਗਾ ਲੱਗਾਂ। ਕਿਉ ਮਿਲੈ = ਨਹੀਂ ਮਿਲ ਸਕਦਾ। ਹੋਇ = ਹੋ ਕੇ। ਪਰਾਇਆ = ਓਪਰਾ।੨।

ਅਰਥ: ਉਸ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ। (ਸਿਫ਼ਤਿ-ਸਾਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਵਿਕਾਰਾਂ ਦੀ) ਮੈਲ ਲੱਗੀ ਰਹਿੰਦੀ ਹੈ, ਤੇ, ਜੇ ਮਨ (ਵਿਕਾਰਾਂ ਨਾਲ) ਮੈਲਾ ਟਿਕਿਆ ਰਹੇ ਤਾਂ ਕੋਈ ਭੀ ਨਾਮ-ਅੰਮ੍ਰਿਤ ਪੀ ਨਹੀਂ ਸਕਦਾ। (ਪਰ ਇਸ ਨਾਮ-ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਭੀ ਮੁੱਲ ਦੇਣਾ ਪੈਂਦਾ ਹੈ) ਮੈਂ ਗੁਰੂ ਪਾਸੋਂ ਮੁੱਲ ਪੁਆਇਆ (ਤਾਂ ਉਸਨੇ ਦੱਸਿਆ ਕਿ) ਜਿਸ ਨੇ ਆਪਣਾ ਇਹ ਮਨ (ਗੁਰੂ ਦੇ) ਹਵਾਲੇ ਕੀਤਾ ਉਸ ਨੇ ਮੁੜ ਮੁੜ ਸਿਮਰ ਕੇ ਨਾਮ-ਅੰਮ੍ਰਿਤ ਪੀ ਲਿਆ। (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਦੋਂ ਕਿਸੇ ਮਨੁੱਖ ਨੇ ਆਪਣਾ ਮਨ (ਮੈਲੇ ਪਾਸੇ ਵਲੋਂ ਹਟਾ ਕੇ) ਸਦਾ-ਥਿਰ ਪ੍ਰਭੂ ਵਿਚ ਜੋੜਿਆ ਤਾਂ ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ।

(ਪਰ) ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜ਼ਾ ਹੀ ਹੋਵੇ (ਜੇ ਉਸ ਨੂੰ ਮੈਂ ਚੰਗਾ ਲੱਗ ਪਵਾਂ) । ਪ੍ਰਭੂ ਤੋਂ ਓਪਰੇ ਓਪਰੇ ਰਿਹਾਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ।

(ਸੋ, ਹੇ ਭਾਈ!) ਉਸ ਮਾਲਕ-ਪ੍ਰਭੂ ਦੀ (ਸਦਾ) ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ (ਇਹ) ਜਗਤ ਪੈਦਾ ਕੀਤਾ ਹੈ।੨।

ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥ ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥ ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥ ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥ ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥ ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥  {ਪੰਨਾ 766}

ਪਦਅਰਥ: ਆਇ ਗਇਆ = (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ) ਆ ਵੱਸਿਆ। ਕੀ ਨ ਆਇਓ = ਉਸ ਦੇ ਪਾਸ ਹੋਰ ਕੀਹ ਕੁੱਝ ਨਾਹ ਆਇਆ? ਉਸ ਨੂੰ ਹੋਰ ਕੀਹ ਨ ਮਿਲਿਆ? ਉਸ ਨੂੰ ਹੋਰ ਕਿਸੇ ਚੀਜ਼ ਦੀ ਤਾਂਘ ਨਾਹ ਰਹੀ। ਕਿਉ ਆਵੈ ਜਾਤਾ = ਉਹ ਕਿਉਂ ਜੰਮੇ ਤੇ ਮਰੇਗਾ? ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ। ਸੇਤੀ = ਨਾਲ। ਰਾਤਾ = ਰੰਗਿਆ ਜਾਂਦਾ ਹੈ। ਰੰਗਿ = ਰੰਗ ਵਿਚ। ਸਚ ਕੀ ਬਾਤਾ = ਸਦਾ-ਥਿਰ ਪ੍ਰਭੂ ਦੀਆਂ ਗੱਲਾਂ। ਜਿਨਿ = ਜਿਸ ਪ੍ਰਭੂ ਨੇ। ਬਿੰਬ ਕਾ ਕੋਟੁ = ਪਾਣੀ ਦੀ ਬੂੰਦ ਤੋਂ ਸਰੀਰ = ਕਿਲ੍ਹਾ। ਪੰਚ ਭੂ = ਪੰਜ ਤੱਤ। ਨਾਇਕੋ = ਮਾਲਕ। ਸਿਰੰਦਾ = ਪੈਦਾ ਕਰਨ ਵਾਲਾ। ਸਚ = ਸਦਾ-ਥਿਰ ਪ੍ਰਭੂ। ਸਚ ਕਾ ਪਿੰਡੁ = (ਸਦਾ-ਥਿਰ ਪ੍ਰਭੂ ਨੇ) ਆਪਣੇ ਰਹਿਣ ਵਾਸਤੇ ਸਰੀਰ। ਸਵਾਰਿਆ = ਸਜਾਇਆ। ਤੁਧੁ = ਤੈਨੂੰ। ਸਚੁ = ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੀ ਮਤਿ।੩।

ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸੇ, ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ। ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਗਿੱਝ ਜਾਂਦਾ ਹੈ, ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ। ਉਸ ਦਾ ਮਨ ਉਸ ਮਾਲਕ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਉਸ ਸਦਾ-ਥਿਰ ਮਾਲਕ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ-ਕਿਲ੍ਹਾ ਉਸਾਰ ਦਿੱਤਾ ਹੈ, ਜੋ ਪੰਜਾਂ ਤੱਤਾਂ ਦਾ ਮਾਲਕ ਹੈ, ਜੋ ਆਪ ਹੀ (ਸਰੀਰ ਜਗਤ ਦਾ) ਪੈਦਾ ਕਰਨ ਵਾਲਾ ਹੈ, ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ।

ਹੇ ਪਿਆਰੇ ਪ੍ਰਭੂ! ਤੂੰ (ਮੇਰੀ ਬੇਨਤੀ) ਸੁਣ। ਅਸੀ ਜੀਵ ਔਗੁਣਾਂ ਨਾਲ ਭਰੇ ਹੋਏ ਹਾਂ (ਤੂੰ ਆਪ ਹੀ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ ਸਾਨੂੰ ਪਵਿਤ੍ਰ ਕਰਨ ਵਾਲਾ ਹੈਂ) ਜੇਹੜਾ ਜੀਵ (ਤੇਰੀ ਮੇਹਰ ਨਾਲ) ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਦੀ ਮਤਿ ਅਭੁੱਲ ਹੋ ਜਾਂਦੀ ਹੈ।੩।

ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥ ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥ ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥ ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥ ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥  {ਪੰਨਾ 766}

ਪਦਅਰਥ: ਅੰਜਨੁ = ਸੁਰਮਾ। ਅੰਜਨੁ ਤੈਸਾ ਅੰਜੀਐ = ਉਹੋ ਜਿਹਾ ਸੁਰਮਾ (ਅੱਖਾਂ ਵਿਚ) ਪਾਣਾ ਚਾਹੀਦਾ ਹੈ, ਆਤਮਕ ਜੀਵਨ ਦੀ ਪ੍ਰਾਪਤੀ ਵਾਸਤੇ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ {ਨੋਟ:ਇਸਤ੍ਰੀ ਆਪਣੀ ਸਰੀਰਕ ਸੁੰਦਰਤਾ ਨਾਲ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਅੱਖਾਂ ਵਿਚ ਸੁਰਮਾ ਪਾਂਦੀ ਹੈ}। ਪਿਰ ਭਾਵੈ = ਪਤੀ ਨੂੰ ਪਸੰਦ ਆ ਜਾਏ {ਨੋਟ:"ਪਿਰ ਭਾਵੈ" ਅਤੇ "ਪਿਰੁ ਭਾਵੈ" ਵਿਚ ਫ਼ਰਕ ਚੇਤੇ ਰੱਖਣ = ਜੋਗ ਹੈ}। ਜਾਣਾਵੈ = ਜਾਣਨ ਲਈ ਸਹੈਤਾ ਕਰੋ। ਮਾਰਗਿ = (ਸਹੀ) ਰਸਤੇ ਉਤੇ। ਲੇਵਏ = ਲੇਵੈ, ਲੈਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ।

ਕਰਮ ਸੁਕਰਮ = ਸਾਧਾਰਨ ਕੰਮ ਤੇ ਚੰਗੇ ਕੰਮ। ਅਭੇਵਏ = ਅਭੇਵੈ, ਅਭੇਵ ਪ੍ਰਭੂ ਦੀ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ। ਤੰਤੁ = ਟੂਣਾ। ਨ ਜਾਣਾ = ਮੈਂ ਨਹੀਂ ਜਾਣਦਾ। ਰਿਦੈ = ਹਿਰਦੇ ਵਿਚ। ਤਿਸੈ ਤੇ = ਉਸ ਪਰਮਾਤਮਾ ਤੋਂ। ਸਚੁ = ਸਦਾ-ਥਿਰ ਪ੍ਰਭੂ।੪।

ਅਰਥ: ਇਸਤ੍ਰੀ ਨੂੰ ਉਹੋ ਜਿਹਾ ਸੁਰਮਾ ਪਾਣਾ ਚਾਹੀਦਾ ਹੈ ਜਿਹੋ ਜਿਹਾ ਉਸ ਦੇ ਪਤੀ ਨੂੰ ਚੰਗਾ ਲੱਗੇ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦੇ ਮਿਲਾਪ ਵਾਸਤੇ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ ਜੇਹੜਾ ਪ੍ਰਭੂ-ਪਤੀ ਨੂੰ ਪਸੰਦ ਆਵੇ) । (ਪਰ ਜੀਵ ਦੇ ਕੀਹ ਵੱਸ ਹੈ?) ਜਦੋਂ ਪਰਮਾਤਮਾ ਆਪ ਸਮਝ ਬਖ਼ਸ਼ੇ, ਤਦੋਂ ਹੀ ਜੀਵ (ਸਹੀ ਰਸਤਾ) ਸਮਝ ਸਕਦਾ ਹੈ, ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ, ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ। ਪਰਮਾਤਮਾ ਆਪ ਹੀ ਸਮਝ ਦੇਂਦਾ ਹੈ, ਆਪ ਹੀ ਸਹੀ ਰਸਤੇ ਉਤੇ ਪਾਂਦਾ ਹੈ ਆਪ ਹੀ ਜੀਵ ਦੇ ਮਨ ਨੂੰ ਆਪਣੇ ਵਲ ਪ੍ਰੇਰਦਾ ਹੈ। ਸਾਧਾਰਨ ਕੰਮ ਤੇ ਚੰਗੇ ਕੰਮ ਪਰਮਾਤਮਾ ਆਪ ਹੀ ਜੀਵ ਪਾਸੋਂ ਕਰਾਂਦਾ ਹੈ; ਪਰ ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ, ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ।

(ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ। ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ। (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ।੪।

ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥ ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥ ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥ ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥ ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥  {ਪੰਨਾ 766}

ਪਦਅਰਥ: ਸਾਜਨ ਹੋਵਨਿ ਆਪਣੇ = ਜੇ ਸੱਜਣ = ਪ੍ਰਭੂ ਜੀ ਆਪਣੇ ਬਣ ਜਾਣ {ਨੋਟ:ਲਫ਼ਜ਼ "ਸਾਜਨ ਹੋਵਨਿ ਆਪਣੇ" ਆਦਰ = ਸਤਕਾਰ ਦੇ ਭਾਵ ਵਿਚ 'ਬਹੁ-ਵਚਨ' ਵਰਤੇ ਜਾਂਦੇ ਹਨ}। ਪਰ ਘਰ = ਪਰਾਏ ਘਰਾਂ ਵਿਚ {ਘਰਿ = ਘਰ ਵਿਚ। ਘਰ = ਘਰਾਂ ਵਿਚ}। ਸਾਜਨ ਰਾਤੇ = ਸੱਜਣ = ਪ੍ਰਭੂ ਦੇ ਰੰਗ ਵਿਚ ਰੱਤੇ ਹੋਏ। ਸਚ ਕੇ ਸੰਗੇ = ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ। ਮਨ ਮਾਹੀ = ਮਨ ਵਿਚ, ਅੰਤਰ ਆਤਮੇ। ਸਾਜਨ = ਪ੍ਰਭੂ ਜੀ। ਰਲੀਆ = ਆਨੰਦ। ਸਬਾਇਆ = ਸਾਰਾ। ਕਰਮ ਧਰਮ = ਧਾਰਮਿਕ ਕੰਮ। ਨਾਮੁ ਸਾਚਾ = ਸਦਾ-ਥਿਰ ਪ੍ਰਭੂ ਦਾ ਨਾਮ। ਭਾਇਆ = ਪਿਆਰਾ ਲੱਗਾ। ਤਿਸੈ ਭਾਣਾ = ਉਸ ਪ੍ਰਭੂ ਦਾ ਹੀ ਭਾਣਾ। ਸਾਜਨ ਰਾਂਗਿ = ਸੱਜਣ = ਪ੍ਰਭੂ ਦੇ ਰੰਗ ਵਿਚ।੫।

ਅਰਥ: ਸੱਜਣ-ਪ੍ਰਭੂ ਜੀ (ਜਿਨ੍ਹਾਂ ਸੁਭਾਗ ਬੰਦਿਆਂ ਦੇ) ਆਪਣੇ ਬਣ ਜਾਂਦੇ ਹਨ, ਉਹ ਬੰਦੇ ਪਰਾਏ ਘਰਾਂ ਵਿਚ ਨਹੀਂ ਜਾਂਦੇ (ਭਾਵ, ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਹੋਰ ਅਖਾਉਤੀ ਧਰਮ-ਕਰਮ ਨਹੀਂ ਕਰਦੇ ਫਿਰਦੇ) । ਉਹ ਆਦਮੀ ਅੰਤਰ ਆਤਮੇ ਸਦਾ-ਥਿਰ ਸੱਜਣ-ਪ੍ਰਭੂ ਦੇ ਨਾਲ ਰੱਤੇ ਰਹਿੰਦੇ ਹਨ। ਉਹ ਆਪਣੇ ਮਨ ਵਿਚ ਸੱਜਣ-ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ, ਇਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ। ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ-ਇਹੀ ਉਹਨਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਇਹੀ ਉਹਨਾਂ ਵਾਸਤੇ ਪੁੰਨ-ਦਾਨ ਹੈ ਤੇ ਇਹੀ ਉਹਨਾਂ ਦੀ ਦੇਵ-ਪੂਜਾ ਹੈ। ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜ਼ਾ ਮਿੱਠੀ ਲੱਗਦੀ ਹੈ ਜੋ ਆਪ (ਜਗਤ ਨੂੰ) ਪੈਦਾ ਕਰਦਾ ਹੈ ਤੇ ਪੈਦਾ ਕਰ ਕੇ ਸੰਭਾਲ ਕਰਦਾ ਹੈ। ਸੱਜਣ-ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ-ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ।੫।

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥  {ਪੰਨਾ 767}

ਪਦਅਰਥ: ਅੰਧਾ = ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ। ਥੀਐ = ਬਣ ਜਾਏ। ਪਾਧਰੁ = ਸਿੱਧਾ ਰਸਤਾ। ਮੁਸੈ = ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ। ਮਤਿ ਹੋਛਿਐ = ਹੋਛੀ ਅਕਲ ਦੇ ਕਾਰਨ। ਰਾਹਿ = (ਸਹੀ) ਰਸਤੇ ਉਤੇ। ਮਹਲ = ਪਰਮਾਤਮਾ ਦਾ ਟਿਕਾਣਾ। ਅੰਧਲੀ = ਅੰਨ੍ਹੀ। ਅੰਧ = ਅੰਨ੍ਹਾ ਮਨੁੱਖ। ਧੰਧਲੀ = ਮਾਇਆ ਦੀ ਦੌੜ = ਭੱਜ ਵਿਚ। ਮਨਿ = ਮਨ ਵਿਚ। ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਕਰਿ = ਕਰ, ਕਰਦਾ ਹੈ। ਰਾਹੁ ਪਾਧਰੁ = ਪੱਧਰਾ ਰਸਤਾ, ਸਿੱਧਾ ਰਾਹ।੬।

ਅਰਥ: ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ? ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ; ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ।

ਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ। ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ।੬।

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥ ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥ ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥ ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥ ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥ ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥  {ਪੰਨਾ 767}

ਪਦਅਰਥ: ਪਰਦੇਸੀ = ਆਪਣੇ ਦੇਸ ਤੋਂ ਵਿਛੁੜਿਆ ਹੋਇਆ, ਪ੍ਰਭੂ = ਚਰਨਾਂ ਤੋਂ ਵਿਛੁੜਿਆ ਹੋਇਆ। ਪਰਾਇਆ = ਬਿਗਾਨਾ, ਓਪਰਾ। ਖੋਲ੍ਹ੍ਹਉ = ਮੈਂ ਖੋਹਲਾਂ। ਪਹਿ = ਪਾਸ, ਕੋਲ। ਗੰਠੜੀ = ਦੁੱਖਾਂ ਦੀ ਗੰਢ। ਦੂਖੀ = ਦੁੱਖਾਂ ਨਾਲ। ਸਬਾਇਆ = ਸਾਰਾ। ਬਿਧਿ = ਹਾਲਤ, ਦਸ਼ਾ। ਆਵਣੇ ਜਾਵਣੇ = ਜਨਮ ਮਰਨ ਦੇ ਗੇੜ। ਖਰੇ = ਬਹੁਤ। ਫੇਰਿਆ = ਜਨਮ ਮਰਨ ਦੀਆਂ ਫੇਰੀਆਂ। ਊਣੇ = ਖ਼ਾਲੀ। ਝੂਣੇ = ਉਦਾਸ। ਊਣੇ ਝੂਣੇ = ਨਿਮੋ = ਝੂਣੇ। ਗੁਰਿ = ਗੁਰੂ ਨੇ।੭।

ਅਰਥ: ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਭਾਵ, ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ) । (ਪ੍ਰਭੂ-ਚਰਨਾਂ ਤੋਂ ਵਿਛੁੜ ਕੇ) ਸਾਰਾ ਜਗਤ ਹੀ (ਭਾਵ, ਹਰੇਕ ਜੀਵ) ਦੁੱਖਾਂ ਨਾਲ (ਨਕਾ-ਨਕ) ਭਰਿਆ ਰਹਿੰਦਾ ਹੈ (ਉਹਨਾਂ ਵਿਚ ਮੈਨੂੰ ਕੋਈ ਐਸਾ ਨਹੀਂ ਦਿੱਸਦਾ ਜੋ ਨਾਮ ਤੋਂ ਵਾਂਜਿਆ ਰਹਿ ਕੇ ਸੁਖੀ ਦਿੱਸਦਾ ਹੋਵੇ, ਤੇ) ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਹਲ ਸਕਾਂ (ਹਰੇਕ ਨੂੰ ਆਪੋ-ਧਾਪ ਪਈ ਰਹਿੰਦੀ ਹੈ) ।

(ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ) ਸਾਰਾ ਹੀ ਜਗਤ (ਹਰੇਕ ਜੀਵ) ਦੁੱਖਾਂ ਨਾਲ ਭਰਿਆ ਰਹਿੰਦਾ ਹੈ (ਹਰੇਕ ਦੇ ਅੰਦਰ ਇਤਨਾ ਸੁਆਰਥ ਹੁੰਦਾ ਹੈ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ) , ਮੇਰੀ ਦੁੱਖੀ ਦਸ਼ਾ ਨੂੰ ਜਾਣਨ ਦੀ ਕੋਈ ਵੀ ਪਰਵਾਹ ਨਹੀਂ ਕਰਦਾ। (ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉਤੇ) ਬਹੁਤ ਭਿਆਨਕ ਜਨਮ ਮਰਨ (ਦੇ ਗੇੜ) ਬਣੇ ਰਹਿੰਦੇ ਹਨ, ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ-ਫੇਰੀਆਂ ਮੁੱਕਦੀਆਂ ਨਹੀਂ।

ਜਿਨ੍ਹਾਂ (ਭਾਗ-ਹੀਣ ਬੰਦਿਆਂ) ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਨਹੀਂ ਸੁਣਾਇਆ, ਜੋ ਨਾਮ ਤੋਂ ਸੱਖਣੇ ਰਹੇ ਹਨ ਉਹ ਦੁੱਖੀ ਜੀਵਨ ਹੀ ਬਿਤਾਂਦੇ ਗਏ (ਕਿਉਂਕਿ) ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ) ।੭।

ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥ ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥ ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥ ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥ ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥ ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥  {ਪੰਨਾ 767}

ਪਦਅਰਥ: ਮਹਲੁ = ਟਿਕਾਣਾ। ਮਹਲੀ = ਟਿਕਾਣੇ ਵਾਲਾ। ਗੁਰ ਮਹਲੀ = ਉੱਚੇ ਟਿਕਾਣੇ ਦਾ ਮਾਲਕ = ਪ੍ਰਭੂ। ਘਰਿ ਆਪਣੈ = (ਜਿਸ ਮਨੁੱਖ ਦੀ) ਆਪਣੇ ਹਿਰਦੇ = ਘਰ ਵਿਚ। ਸੋ = ਉਹ ਮਨੁੱਖ। ਭਰਪੁਰਿ = ਭਰਪੂਰ ਵਿਚ, ਸਰਬ = ਵਿਆਪਕ ਪ੍ਰਭੂ ਵਿਚ। ਤਾਂ = ਤਦੋਂ। ਸਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਪਤੀਣਾ = ਗਿੱਝ ਜਾਂਦਾ ਹੈ, ਮਗਨ ਰਹਿੰਦਾ ਹੈ। ਅੰਕੁ = ਹਿਰਦਾ। ਸੁ ਮਹਲੁ = (ਪ੍ਰਭੂ ਦਾ) ਉਹ ਟਿਕਾਣਾ। ਮਹਲਾ ਅੰਤਰੇ = ਹਰੇਕ ਸਰੀਰ ਵਿਚ। ਅੰਤਿ = ਅੰਤਰਿ, ਅੰਦਰ, ਹਰੇਕ ਦੇ ਅੰਦਰ। ਨਿਰੰਤਰੇ = ਨਿਰੰਤਰਿ {ਨਿਰ = ਅੰਤਰ। ਅੰਤਰ = ਵਿੱਥ} ਬਿਨਾ ਵਿੱਥ, ਇਕ-ਰਸ। ਸੁਹੇਲਾ = ਸੁਖੀ। ਬੀਣਾ = ਬੰਸਰੀ। ਅਨਹਦ = {अन = हत ਬਿਨਾ ਵਜਾਏ} ਇਕ-ਰਸ, ਸਦਾ ਹੀ।੮।

ਅਰਥ: ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਆ ਵੱਸਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਉਸ ਦਾ ਮਨ) ਮਗਨ ਰਹਿੰਦਾ ਹੈ। ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਦਾ ਹਿਰਦਾ ਨਾਮ-ਰਸ ਨਾਲ ਭਿੱਜਿਆ ਰਹਿੰਦਾ ਹੈ, ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿੱਸਦਾ ਹੈ, (ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਹਰੇਕ ਦੇ ਅੰਦਰ ਇਕ-ਰਸ ਵਿਆਪਕ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਉਸ ਦਾ ਜੀਵਨ ਸੌਖਾ ਹੋ ਜਾਂਦਾ ਹੈ (ਉਸ ਦੇ ਅੰਦਰ, ਮਾਨੋ,) ਇਕ-ਰਸ ਬੰਸਰੀ ਵੱਜਦੀ ਰਹਿੰਦੀ ਹੈ।

ਉੱਚੇ ਟਿਕਾਣੇ ਦਾ ਮਾਲਕ-ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ।੮।

ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥ ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਕੋਈ ॥ ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥ ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥ ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥ ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥ {ਪੰਨਾ 767}

ਪਦਅਰਥ: ਕੀਤਾ = ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜੀਵ। ਕਿਆ ਸਾਲਾਹੀਐ = ਸਿਫ਼ਤਾਂ ਕਰਨ ਦਾ ਕੀਹ ਲਾਭ? ਕਰਿ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸੋਈ = ਉਹ ਪ੍ਰਭੂ ਹੀ। ਤਾ ਕੀ = ਉਸ (ਪਰਮਾਤਮਾ) ਦੀ। ਨ ਭੁਲਏ = ਨ ਭੁਲੈ, ਭੁੱਲ ਨਹੀਂ ਕਰਦਾ। ਕਰਹਿ = (ਜੀਵ) ਕਰਦੇ ਹਨ। ਤੁਧੁ = ਤੈਨੂੰ। ਸਬਦਿ ਅਮੁਲਏ = ਅਮੁਲੈ ਸਬਦਿ, ਅਮੋਲਕ ਸ਼ਬਦ ਦੀ ਰਾਹੀਂ। ਹੀਣਉ = ਹੀਣਾ, ਤੁੱਛ। ਕਰਉ = ਮੈਂ ਕਰਦਾ ਹਾਂ। ਸਾਚੁ = ਸਦਾ-ਥਿਰ ਪ੍ਰਭੂ। ਭਾਈ = ਹੇ ਭਾਈ! ਜਿਨਿ = ਜਿਸ ਪਰਮਾਤਮਾ ਨੇ। ਸਾਈ = ਸੋਈ, ਉਹੀ।੯।

ਅਰਥ: ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫ਼ਤਾਂ ਕਰਨ ਦਾ ਕੀਹ ਲਾਭ? (ਸਿਫ਼ਤਿ-ਸਾਲਾਹ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ) ਜੋ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਭੀ ਕਰਦਾ ਹੈ। (ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਸ ਵਰਗਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) । ਜੇ ਕੋਈ ਮਨੁੱਖ ਇਹ ਚਾਹੇ (ਕਿ ਪਰਮਾਤਮਾ ਦੇ ਗੁਣ ਬਿਆਨ ਕਰ ਕੇ ਮੈਂ ਉਸ ਦਾ ਮੁੱਲ ਪਾ ਸਕਾਂ ਤਾਂ ਇਹ ਨਹੀਂ ਹੋ ਸਕਦਾ) ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ।

ਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖ਼ਸ਼ਦਾ ਹੈ, ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਅਭੁੱਲ ਹੈ ਕਦੇ ਭੁੱਲ ਨਹੀਂ ਕਰਦਾ। (ਉਹ ਬੰਦਾ ਇਉਂ ਬੇਨਤੀ ਕਰਦਾ ਹੈ-) ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ।

ਹੇ ਨਾਨਕ! ਆਖ-) ਹੇ ਭਾਈ! ਮੈਂ ਤੁੱਛ ਹਾਂ, ਮੈਂ ਨੀਵਾਂ ਹਾਂ, ਪਰ ਮੈਂ (ਪ੍ਰਭੂ-ਦਰ ਤੇ ਹੀ) ਬੇਨਤੀ ਕਰਦਾ ਹਾਂ, ਮੈਂ ਉਸ ਸਦਾ-ਥਿਰ ਪ੍ਰਭੂ (ਦੇ ਪੱਲੇ) ਨੂੰ ਨਹੀਂ ਛੱਡਦਾ। (ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਸਿਫ਼ਤਿ-ਸਾਲਾਹ ਕਰਨ ਦਾ ਦਮ ਭਰ ਸਕਾਂ) , ਜੇਹੜਾ ਪ੍ਰਭੂ ਪੈਦਾ ਕਰ ਕੇ ਸੰਭਾਲ ਕਰਦਾ ਹੈ ਉਹੀ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਬਖ਼ਸ਼ਦਾ ਹੈ।੯।੨।੫।


Comments

Popular posts from this blog

SANDHYA VELE DA HUKAMNAMA SRI DARBAR SAHIB, SRI AMRITSAR SAHIB, 21/07/2023,

AMRITVELE DA HUKAMNAMA SRI DARBAR SAHIB, SRI AMRITSAR, ANG 719/720, 05-Jun-2023

Amrit vele da Hukamnama Sri Darbar Sahib, Sri Amritsar, Ang 613, 17-JULY-2023