Amritvele da hukamnama Sachkhand shri Darbar Sahib Amritsar, 23-08-2023
ਸਲੋਕੁ ਮਃ ੩ ॥ ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥ {ਪੰਨਾ 514}
ਪਦਅਰਥ: ਵਾਹੁ ਵਾਹੁ = {ਜਦੋਂ ਅਸੀ ਕਦੇ ਕੋਈ ਬਹੁਤ ਅਚਰਜ ਨਜ਼ਾਰਾ ਵੇਖਦੇ ਹਾਂ, ਕੋਈ ਬੜਾ ਹੀ ਸੁੰਦਰ ਖ਼ਿਆਲ ਸੁਣਦੇ ਹਾਂ ਤਾਂ ਮਸਤ ਜਿਹੇ ਹੋ ਕੇ 'ਵਾਹੁ ਵਾਹੁ' ਆਖਦੇ ਹਾਂ; ਮਾਨੋ, ਅਸੀ ਉਸ ਨਜ਼ਾਰੇ ਜਾਂ ਖ਼ਿਆਲ ਦੀ 'ਸਿਫ਼ਤਿ' ਕਰਦੇ ਹਾਂ। ਸੋ 'ਵਾਹੁ ਵਾਹੁ' ਆਖਣਾ ਇਕ ਤਰ੍ਹਾਂ 'ਸਿਫ਼ਤਿ-ਸਾਲਾਹ' ਕਰਨਾ ਹੈ, ਪਰ ਨਾਲ ਹੀ ਇਹ ਭਾਵ ਭੀ ਹੁੰਦਾ ਹੈ ਕਿ ਇਸ ਦੀ ਸਿਫ਼ਤਿ ਲਈ ਅਸਾਡੇ ਪਾਸ ਢੁਕਵੇਂ ਲਫ਼ਜ਼ ਨਹੀਂ ਹਨ। ਲਫ਼ਜ਼ 'ਵਾਹੁ' ਨੂੰ ਲਫ਼ਜ਼ 'ਵਾਹਿਗੁਰੂ' ਦਾ ਸੰਖੇਪ ਆਖਣਾ ਗ਼ਲਤ ਹੈ, ਇਹ ਖ਼ਿਆਲ ਲਫ਼ਜ਼ 'ਵਾਹਿਗੁਰੂ' ਦੇ ਥਾਂ 'ਵਾਹੁਗੁਰ' ਬਨਾਣ ਲਈ ਟਪਲਾ ਲਾਣ ਵਾਸਤੇ ਸਹਾਈ ਹੁੰਦਾ ਹੈ। ਲਫ਼ਜ਼ 'ਗੁਰੂ' ਤੇ 'ਵਾਹਿ' ਦੇ ਵਖੋ ਵਖਰੇ ਅਰਥ ਹਨ} ਸਿਫ਼ਤਿ-ਸਾਲਾਹ। ਵਾਹੁ ਵਾਹੁ ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ। ਸਚੁ ਹੈ– ਪ੍ਰਭੂ ਦਾ ਰੂਪ।
ਅਰਥ: ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੈ, ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) 'ਵਾਹੁ ਵਾਹੁ' ਅਖਵਾਂਦਾ ਹੈ (ਭਾਵ, ਸਿਫ਼ਤਿ-ਸਾਲਾਹ ਕਰਾਂਦਾ ਹੈ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ।
ਹੇ ਨਾਨਕ! ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤਿ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ।੧।
ਮਃ ੩ ॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥ ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ੍ਹ ਕਉ ਪਰਜਾ ਪੂਜਣ ਆਈ ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥
ਅਰਥ: ਗੁਰੂ ਦੇ ਸ਼ਬਦ ਦੁਆਰਾ 'ਵਾਹੁ ਵਾਹੁ' ਆਖਦੀ ਜੀਭ ਸੋਹਣੀ ਲੱਗਦੀ ਹੈ, ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀਂ ਹੈ। ਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿਚੋਂ ਪ੍ਰਭੂ 'ਵਾਹੁ ਵਾਹੁ' ਅਖਵਾਉਂਦਾ ਹੈ, ਜੋ ਮਨੁੱਖ 'ਵਾਹੁ ਵਾਹੁ' ਕਰਦੇ ਹਨ, ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਣ ਆਉਂਦੀ ਹੈ।
ਹੇ ਨਾਨਕ! ਪ੍ਰਭੂ ਦੀ ਮੇਹਰ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ।੨।
ਪਉੜੀ ॥ ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ ॥ ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥ ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ ਗੁਰ ਸਬਦੀ ਖੋਲਾਈਅਨ੍ਹ੍ਹਿ ਹਰਿ ਨਾਮੁ ਜਪਾਨੀ ॥ ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥ {ਪੰਨਾ 514}
ਅਰਥ: ਅਹੰਕਾਰੀ ਮਨੁੱਖਾਂ ਦੇ ਸਰੀਰ-ਰੂਪ ਕਿਲ੍ਹੇ ਵਿਚ ਕੂੜ ਤੇ ਕੁਸੱਤ-ਰੂਪ ਕਰੜੇ ਫਾਟਕ ਲੱਗੇ ਹੋਏ ਹਨ, ਪਰ ਅੰਨ੍ਹੇ ਤੇ ਅਗਿਆਨੀ ਮਨਮੁਖਾਂ ਨੂੰ ਭਰਮ ਵਿਚ ਭੁੱਲੇ ਹੋਣ ਕਰ ਕੇ ਦਿੱਸਦੇ ਨਹੀਂ ਹਨ। ਭੇਖ ਕਰਨ ਵਾਲੇ ਲੋਕ ਭੇਖ ਕਰ ਕਰ ਕੇ ਥੱਕ ਗਏ ਹਨ, ਪਰ ਉਹਨਾਂ ਨੂੰ ਭੀ ਕਿਸੇ ਉਪਾਉ ਕਰਨ ਨਾਲ (ਇਹ ਫਾਟਕ) ਨਹੀਂ ਦਿੱਸੇ, (ਹਾਂ) ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ, ਉਹਨਾਂ ਦੇ ਕਪਾਟ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖੁਲ੍ਹਦੇ ਹਨ। ਪ੍ਰਭੂ (ਦਾ ਨਾਮ) ਅੰਮ੍ਰਿਤ ਦਾ ਰੁੱਖ ਹੈ, ਜਿਨ੍ਹਾਂ ਨੇ (ਇਸ ਦਾ ਰਸ) ਪੀਤਾ ਹੈ ਉਹ ਰੱਜ ਗਏ ਹਨ।੧੪।
Comments
Post a Comment