SandhyaVele Da Hukamnama Sachkhand shri Darbar Sahib Amritsar Sahib 22-08-2023
ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ {ਪੰਨਾ 670}
ਪਦਅਰਥ: ਦਰਸਨ ਸੁਖੁ = ਦਰਸਨ ਦਾ ਆਤਮਕ ਆਨੰਦ। ਹੋਇ = ਮਿਲ ਜਾਏ। ਬੇਦਨਿ = (ਦਿਲ ਦੀ) ਪੀੜ। ਅਵਰੁ ਕੋਇ = ਹੋਰ ਕੋਈ।ਰਹਾਉ।
ਸਚੁ = ਸਦਾ-ਥਿਰ ਰਹਿਣ ਵਾਲਾ। ਕਉ = ਨੂੰ। ਕਿਸ ਕਉ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}।੧।
ਵਰਤਦਾ = ਮੌਜੂਦ। ਸਭਿ = ਸਾਰੇ। ਥਾਵਹੁ = ਪਾਸੋਂ। ਤੂ ਇਕ = ਇਕ ਤੂ ਹੀ।੨।
ਸਭੁ ਕੋ = ਹਰੇਕ ਜੀਵ। ਤੇ = ਤੋਂ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਮਾਹਿ = ਵਿਚ।੩।
ਸਾਹ = ਹੇ ਸ਼ਾਹ! ਪਾਤਿਸ਼ਾਹ = ਹੇ ਪਾਤਿਸ਼ਾਹ! ਸਚੁ = ਸਦਾ-ਥਿਰ।੪।
ਅਰਥ: ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ?।ਰਹਾਉ।
ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ) । ਹੇ ਪਾਤਿਸ਼ਾਹ! ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ।੧।
ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ।੨।
ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।੩।
ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।੪।੭।੧੩।
Comments
Post a Comment